top of page

ਬੇਅਦਬੀ, ਕਾਨੂੰਨ ਅਤੇ ਸ਼ਬਦ ਗੁਰੂ

  • Writer: Essay
    Essay
  • Mar 24
  • 10 min read

Updated: Mar 30

ਕੀ ਗੁਰੂ ਨੂੰ ਕਾਨੂੰਨ ਵਿੱਚ ਬੰਨ੍ਹਿਆ ਜਾ ਸਕਦਾ ਹੈ?





ਇੱਕ ਐਸੀ ਤਣਾਅਪੂਰਨ ਸਥਿਤੀ ਮੌਜੂਦ ਹੈ ਜੋ ਧਿਆਨ ਨਾਲ ਜਾਂਚ ਦੀ ਮੰਗ ਕਰਦੀ ਹੈ - ਪ੍ਰਤੀਕਿਰਿਆ ਦੇ ਪੱਧਰ ’ਤੇ ਨਹੀਂ ਸਗੋਂ ਸਿਧਾਂਤ ਦੇ ਪੱਧਰ ਉੱਤੇ। ਇੱਕ ਪਾਸੇ, ਬੇਅਦਬੀ ਦੀਆਂ ਘਟਨਾਵਾਂ ਦਾ ਸਾਹਮਣਾ ਕਰਦੇ ਸਿੱਖਾਂ ਦਾ ਨਿਰਸੰਦੇਹ ਦਰਦ ਖੜ੍ਹਾ ਹੈ। ਇਹ ਦਰਦ ਨਾ ਤਾਂ ਕੇਵਲ ਪ੍ਰਤੀਕਾਤਮਿਕ ਹੈ ਅਤੇ ਨਾ ਹੀ ਚੁੰਚ-ਦਿਖਾਵਾ। ਇਸ ਨੂੰ ਸਿੱਖ ਅਤੇ ਗੁਰੂ ਦੇ ਰਿਸ਼ਤੇ ਵਿਚਕਾਰ ਇੱਕ ਵਿਘਨ ਦੇ ਰੂਪ ਵਿੱਚ ਮਹਿਸੂਸ ਕੀਤਾ ਜਾਂਦਾ ਹੈ। ਨਕਲ, ਵਿਗਾੜ ਜਾਂ ਜਾਣਬੁੱਝ ਕੇ ਭੜਕਾਉਣ ਵਾਲੀਆਂ ਘਟਨਾਵਾਂ ਨੇ ਵਾਰ-ਵਾਰ ਦਰਸਾਇਆ ਹੈ ਕਿ ਅਜਿਹੇ ਕੰਮ ਨਾ ਸਿਰਫ਼ ਵਿਅਕਤੀਆਂ ਨੂੰ ਸਗੋਂ ਪੰਥ ਦੀ ਸੰਗਤੀ-ਇੱਕਸਾਰਤਾ ਨੂੰ ਵੀ ਅਸਥਿਰ ਕਰ ਸਕਦੇ ਹਨ। ਇਸ ਨੂੰ ਖ਼ਾਰਜ ਕਰਨਾ ਬੌਧਿਕ ਤੌਰ 'ਤੇ ਬੇਈਮਾਨੀ ਹੋਵੇਗੀ।


ਦੂਜੇ ਪਾਸੇ ਗੁਰਬਾਣੀ ਦਾ ਇੱਕ ਬੁਨਿਆਦੀ ਦਾਅਵਾ ਹੈ। ਗੁਰੂ, ਸ਼ਬਦ ਦੇ ਰੂਪ ਵਿੱਚ ਕਿਸੇ ਵੀ ਬਾਹਰੀ ਆਧਾਰ ’ਤੇ ਨਿਰਭਰ ਨਹੀਂ ਹੈ - ਗੁਰੂ ਸੈਭੰ ਹੈ। ਇਹ ਨਾ ਤਾਂ ਉਤਪੰਨ ਕੀਤਾ ਗਿਆ ਹੈ, ਨਾ ਲਿਖਿਆ ਗਿਆ ਹੈ ਅਤੇ ਨਾ ਹੀ ਕਿਸੇ ਬਾਹਰੀ ਪ੍ਰਮਾਣਿਕਤਾ ਦੁਆਰਾ ਕਾਇਮ ਰੱਖਿਆ ਜਾਂਦਾ ਹੈ।


Silhouette of a person praying at Golden Temple, Amritsar at sunset. Text: "Beadbi, Law, and the Shabad Guru. Can the Guru Be Legislated?" Orange sky backdrop.
Beadbi, Law, and the Shabad Guru - Read in English

ਅਖਰ ਨਾਨਕ ਅਖਿਓ ਆਪਿ॥ SGGS 150

O Nanak, He Himself uttered the Word.


ਗੁਰਬਾਣੀ ਦਾ ਇਹ ਦਾਅਵਾ ਹੈ। "ਆਪਿ" ਸ਼ਬਦ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸ਼ਬਦ ਸਵੈ-ਉਤਪਤੀ ਅਤੇ ਸਵੈ-ਪ੍ਰਗਟਾਵਾ ਕਰਨ ਵਾਲਾ ਹੈ ਅਤੇ ਆਪਣੀ ਹੋਂਦ ਜਾਂ ਪ੍ਰਮਾਣਿਕਤਾ ਲਈ ਕਿਸੇ ਬਾਹਰੀ ਅਧਿਕਾਰ 'ਤੇ ਨਿਰਭਰ ਨਹੀਂ ਹੈ।


ਸ਼ਬਦ ਆਪਣੀ ਅਧਿਕਾਰਤਾ ਨੂੰ ਨਾ ਤਾਂ ਮਾਨਤਾ ਤੋਂ ਲੈਂਦਾ ਹੈ, ਨਾ ਹੀ ਸੁਰੱਖਿਆ ਤੋਂ ਅਤੇ ਨਾ ਹੀ ਲਾਗੂ ਕਰਨ ਦੀ ਪ੍ਰਕਿਰਿਆ ਤੋਂ। ਮੁਸ਼ਕਲ ਉਦੋਂ ਪੈਦਾ ਹੁੰਦੀ ਹੈ ਜਦੋਂ ਇਹਨਾਂ ਦੋ ਹਕੀਕਤਾਂ ਨੂੰ ਬਿਨਾਂ ਕਿਸੇ ਸਪਸ਼ਟਤਾ ਦੇ ਇੱਕ ਹੀ ਚੌਖਟੇ ਵਿੱਚ ਲਿਆਂਦਾ ਜਾਂਦਾ ਹੈ। ਜੇਕਰ ਬੇਅਦਬੀ ਦਾ ਦਰਦ ਹਕੀਕੀ ਹੈ ਅਤੇ ਗੁਰੂ ਸੈਭੰ ਹੈ, ਤਾਂ ਇਨ੍ਹਾਂ ਦੋਹਾਂ ਵਿਚਕਾਰ ਸਬੰਧਾਂ ਨੂੰ ਬਿਨਾਂ ਤੋੜੇ-ਮਰੋੜੇ ਕਿਵੇਂ ਸਮਝਿਆ ਜਾਵੇ?


ਅਗਾਂਹ ਵਧਣ ਤੋਂ ਪਹਿਲਾਂ, ਇੱਕ ਸਪੱਸ਼ਟੀਕਰਨ ਜ਼ਰੂਰੀ ਹੈ, ਕਿਉਂਕਿ ਜਿਸ ਭਾਸ਼ਾ ਰਾਹੀਂ ਇਸ ਮਸਲੇ ਨੂੰ ਅਕਸਰ ਸਮਝਿਆ ਜਾਂਦਾ ਹੈ, ਉਹ ਆਪਣੇ ਆਪ ਵਿੱਚ ਹੀ ਵਿਗਾੜ ਰੱਖਦੀ ਹੈ। “ਸੈਕ੍ਰਿਲੇਜ” (sacrilege), “ਡਿਸੈਕ੍ਰੇਸ਼ਨ” (desecration) ਅਤੇ “ਬਲਾਸਫੇਮੀ” (blasphemy) ਵਰਗੇ ਸ਼ਬਦ ਅਕਸਰ ਬੇਅਦਬੀ ਦੇ ਸਮਾਨਰਥੀ ਵਜੋਂ ਵਰਤੇ ਜਾਂਦੇ ਹਨ। ਇਹਨਾਂ ਵਿੱਚੋਂ ਹਰ ਇੱਕ ਸ਼ਬਦ ਵੱਖੋ-ਵੱਖ ਧਾਰਮਿਕ ਅਤੇ ਕਾਨੂੰਨੀ ਪਰੰਪਰਾਵਾਂ ਵਿੱਚੋਂ ਉੱਭਰਦਾ ਹੈ ਪਰ ਸਿੱਖੀ ਦੇ ਸੰਦਰਭ ਵਿੱਚ ਉਸ ਮੂਲ ਵਿਚਾਰ ਨੂੰ ਪੂਰੀ ਤਰ੍ਹਾਂ ਸਪਸ਼ਟ ਕਰਨ ਵਿੱਚ ਨਾਕਾਫ਼ੀ ਰਹਿੰਦਾ ਹੈ, ਜੋ ਇੱਥੇ ਦਾਅ ’ਤੇ ਲੱਗਿਆ ਹੋਇਆ ਹੈ।


ਸੈਕ੍ਰਿਲੇਜ (sacrilege) ਅਤੇ ਡਿਸੈਕ੍ਰੇਸ਼ਨ (desecration) ਵਰਗੇ ਸ਼ਬਦ ਆਮ ਤੌਰ 'ਤੇ ਕਿਸੇ ਪਰਿਭਾਸ਼ਿਤ ਧਾਰਮਿਕ ਜਾਂ ਸੰਸਥਾਗਤ ਢਾਂਚੇ ਦੇ ਅੰਦਰ ਪਵਿੱਤਰ ਮੰਨੀ ਜਾਂਦੀ ਕਿਸੇ ਚੀਜ਼ ਦੀ ਉਲੰਘਣਾ ਨੂੰ ਦਰਸਾਉਂਦੇ ਹਨ। ਬਲਾਸਫੇਮੀ (blasphemy) ਉਸ ਤਕਰੀਰ ਜਾਂ ਪ੍ਰਗਟਾਵੇ ਨਾਲ ਸਬੰਧਤ ਹੈ ਜੋ ਕਿਸੇ ਦੇਵਤੇ ਜਾਂ ਧਾਰਮਿਕ ਸਿਧਾਂਤ ਪ੍ਰਤੀ ਅਨਾਦਰ ਦਰਸਾਉਂਦਾ ਹੈ। ਇਹ ਸ਼੍ਰੇਣੀਆਂ ਇੱਕ ਪਹਿਲਾਂ ਤੋਂ ਮਿਥੀ ਬਣਤਰ ਨੂੰ ਮੰਨਦੀਆਂ ਹਨ ਜਿਸ ਵਿੱਚ ਧਾਰਮਿਕ ਪਵਿੱਤਰਤਾ ਦੀ ਪਛਾਣ ਕੀਤੀ ਜਾਂਦੀ ਹੈ, ਫੇਰ ਸੀਮਤ ਅਤੇ ਮੁੜ ਸਿਧਾਂਤ ਜਾਂ ਕਾਨੂੰਨ ਦੁਆਰਾ ਸੁਰੱਖਿਅਤ ਕੀਤੀ ਜਾਂਦੀ ਹੈ। ਸਿੱਖੀ ਸਮਝ ਇਹਨਾਂ ਚੌਖਟਿਆਂ ਦੇ ਅੰਦਰ ਸਾਫ਼-ਸਾਫ਼ ਇਕਸਾਰ ਨਹੀਂ ਬੈਠਦੀ।


“ਬੇਅਦਬੀ” ਸ਼ਬਦ ਆਪਣੇ ਆਪ ਵਿੱਚ ਹੀ ਇੱਕ ਵੱਖਰੀ ਵਿਰਾਸਤ ਤੋਂ ਉੱਭਰਿਆ ਹੈ। “ਅਦਬ,”¹ ਜੋ ਕਿ ਫ਼ਾਰਸੀ ਤੋਂ ਆਇਆ ਹੈ, ਸ਼ੁੱਧ ਆਚਰਣ, ਨੈਤਿਕ ਜਾਗਰੂਕਤਾ ਅਤੇ ਉਹ ਸੰਸਕਾਰਿਤ ਸਤਿਕਾਰ ਦਰਸਾਉਂਦਾ ਹੈ ਜੋ ਵਿਚਾਰ, ਬਚਨ ਅਤੇ ਕਰਮ ਰਾਹੀਂ ਪ੍ਰਗਟ ਹੁੰਦਾ ਹੈ। ਇਸ ਲਈ, ਬੇਅਦਬੀ ਕੇਵਲ ਉਲੰਘਣਾ ਦਾ ਕਰਮ ਨਹੀਂ ਹੈ। ਇਹ ਉਸ ਅਦਬ ਦੀ ਅਣਹੋਂਦ ਜਾਂ ਉਸ ਦੇ ਟੁੱਟ ਜਾਣ ਦੀ ਅਵਸਥਾ ਹੈ। ਇਹ ਸਿਰਫ਼ ਉਹੀ ਨਹੀਂ ਹੈ ਜੋ ਕੀਤਾ ਜਾਂਦਾ ਹੈ, ਸਗੋਂ ਉਹ ਵੀ ਜੋ ਹੁਣ ਮੌਜੂਦ ਨਹੀਂ ਹੈ।


ਸਿੱਖ ਰਹਿਤ ਦੇ ਅੰਦਰ, ਇਹ ਅਦਬ ਗੁਰੂ ਗ੍ਰੰਥ ਸਾਹਿਬ ਵੱਲ ਕੇਂਦਰਿਤ ਹੈ, ਕੇਵਲ ਪੋਥੀ ਦੇ ਰੂਪ ਵਿੱਚ ਨਹੀਂ ਸਗੋਂ ਜੀਵੰਤ ਗੁਰੂ ਦੇ ਰੂਪ ਵਿੱਚ। "ਗ੍ਰੰਥ" ਸ਼ਬਦ ਪੋਥੀ ਦੇ ਸੰਕਲਿਤ ਰੂਪ ਨੂੰ ਦਰਸਾਉਂਦਾ ਹੈ, ਪਰ "ਗੁਰੂ" ਸਦੀਵੀ ਗਿਆਨ (eternal Wisdom) ਨੂੰ ਅਤੇ "ਸਾਹਿਬ" ਅਟੱਲ ਪਾਤਸ਼ਾਹੀ (eternal Sovereignty) ਨੂੰ ਦਰਸਾਉਂਦਾ ਹੈ। ਇਸ ਦੇ ਭੌਤਿਕ ਸਰੂਪ ਨਾਲ ਸੰਬੰਧ ਕਿਸੇ ਵਸਤੂ ਵਜੋਂ ਨਹੀਂ ਬਣਾਇਆ ਜਾਂਦਾ, ਸਗੋਂ ਉਸ ਦੀ ਪ੍ਰਤੱਖ ਹਾਜ਼ਰੀ ਵਜੋਂ ਜੋ ਸੈਭੰ ਹੈ ਅਤੇ ਜੀਵੰਤ ਮੰਨੀ ਜਾਂਦੀ ਹੈ। ਇਹ ਗੱਲ ਰਹਿਤ-ਰਹਿਣੀ ਵਿੱਚ ਸਾਫ-ਸਾਫ ਝਲਕਦੀ ਹੈ, ਜਿੱਥੇ ਪੰਨਿਆਂ ਨੂੰ “ਅੰਗਾਂ” ਵਜੋਂ ਸੰਬੋਧਿਆ ਜਾਂਦਾ ਹੈ ਅਤੇ ਆਚਰਣ ਸੰਬੰਧੀ ਮਰਯਾਦਾਵਾਂ ਕੇਵਲ ਸੰਕੇਤਕ ਇਸ਼ਾਰੇ ਨਹੀਂ ਸਗੋਂ ਇੱਕ ਸੰਬੰਧਤ ਹਕੀਕਤ ਦੇ ਪ੍ਰਗਟਾਵੇ ਹਨ।


ਇੱਥੇ ਧਿਆਨ ਦੇਣ ਯੋਗ ਗੱਲ ਹੈ ਕਿ “ਬੇਅਦਬ” ਅਤੇ “ਬੇਅਦਬੀ” ਸ਼ਬਦ ਸਿੱਧੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਹੀਂ ਆਉਂਦੇ। ਇਨ੍ਹਾਂ ਦੀ ਵਰਤੋਂ ਕਿਤੇ ਬਾਅਦ ਵਿੱਚ ਸਿੱਖ ਬੌਧਿਕ ਅਤੇ ਧਾਰਮਿਕ ਪਰੰਪਰਾਵਾਂ ਦੇ ਅੰਦਰ ਉਭਰਦੀ ਹੈ, ਉਦਾਹਰਨ ਵਜੋਂ ਸਭ ਤੋਂ ਪਿਹਲਾਂ ਭਾਈ ਨੰਦ ਲਾਲ ‘ਗੋਯਾ²’ ਦੀਆਂ ਰਚਨਾਵਾਂ ਵਿੱਚ। ਇਹ ਦਰਸਾਉਂਦਾ ਹੈ ਕਿ “ਬੇਅਦਬੀ” ਇੱਕ ਧਾਰਨਾ ਵਜੋਂ ਕੋਈ ਮਿਆਦੀ ਸਿਧਾਂਤਕ ਸ਼੍ਰੇਣੀ ਨਹੀਂ ਹੈ ਸਗੋਂ ਇੱਕ ਵਿਕਸਤ ਹੋ ਰਹੀ ਵਿਆਖਿਆ ਹੈ ਕਿ ਇੱਕ ਸਿੱਖ ਦੇ ਜੀਵੰਤ ਅਨੁਭਵ ਵਿੱਚ ਸ਼ਰਧਾ ਅਤੇ ਔਸਦੀ ਅਣਹੋਂਦ ਨੂੰ ਕਿਵੇਂ ਸਮਝਿਆ ਜਾਂਦਾ ਹੈ।


ਇਹ ਫ਼ਰਕ ਜ਼ਰੂਰੀ ਹੈ। ਜਿਸ ਨੂੰ “ਬੇਅਦਬੀ” ਵਜੋਂ ਨਾਮ ਦਿੱਤਾ ਜਾ ਰਿਹਾ ਹੈ, ਉਸਨੂੰ ਨੁਕਸਾਨੇ ਬਿਨਾਂ ਕਿਸੇ ਵਿਰਾਸਤੀ ਕਾਨੂੰਨ ਜਾਂ ਧਾਰਮਿਕ ਸ਼੍ਰੇਣੀਆਂ ਵਿੱਚ ਪੂਰੀ ਤਰ੍ਹਾਂ ਅਨੁਵਾਦ ਨਹੀਂ ਕੀਤਾ ਜਾ ਸਕਦਾ। ਜਦੋਂ ਇਸਨੂੰ ਕਾਹਲ਼ ਵਿੱਚ ਸੈਕਰਿਲਿਜ ਜਾਂ ਬਲਾਸਫ਼ਮੀ ਵਰਗੇ ਸ਼ਬਦਾਂ ਵਿੱਚ ਅਨੁਵਾਦ ਕੀਤਾ ਜਾਂਦਾ ਹੈ ਤਾਂ ਇਸਨੂੰ ਪਹਿਲਾਂ ਹੀ ਉਹਨਾਂ ਢਾਂਚਿਆਂ ਦੇ ਅੰਦਰ ਮੁੜ ਪਰਿਭਾਸ਼ਿਤ ਕੀਤਾ ਜਾ ਰਿਹਾ ਹੈ ਜੋ ਇੱਕ ਸਿੱਖ ਦੀ ਆਪਣੇ ਗੁਰੂ ਦੀ ਸਮਝ ਤੋਂ ਵੱਖਰੇ ਢੰਗ ਨਾਲ ਕੰਮ ਕਰਦੇ ਹਨ।


ਇਹ ਅੰਤਰ ਸਮਕਾਲੀ ਵਿਧਾਨਕ ਸੰਦਰਭਾਂ ਵਿੱਚ ਫੈਸਲਾਕੁੰਨ ਬਣ ਜਾਂਦਾ ਹੈ। ਭਾਰਤੀ ਉਪ-ਮਹਾਂਦੀਪ ਵਿੱਚ ਸੈਕਰਿਲਿਜ ਅਤੇ ਬਲਾਸਫ਼ਮੀ ਨੂੰ ਸੰਬੋਧਿਤ ਕਰਨ ਵਾਲੇ ਕਾਨੂੰਨੀ ਢਾਂਚੇ ਬਸਤੀਵਾਦੀ ਯੁੱਗ ਦੇ ਫਾਰਮੂਲੇ ਤੋਂ ਆਉਂਦੇ ਹਨ ਜੋ ਖੁਦ ਖਾਸ ਧਾਰਮਿਕ ਧਾਰਨਾਵਾਂ ਤੋਂ ਉੱਭਰੇ ਸਨ। ਇਹਨਾਂ ਕਾਨੂੰਨਾਂ ਵਿੱਚ ਵਾਧਾ ਜਾਂ ਸੋਧ ਦੀਆਂ ਬਾਅਦ ਦੀਆਂ ਕੋਸ਼ਿਸ਼ਾਂ ਜਿਨ੍ਹਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਵਿੱਚ ਸਜ਼ਾਵਾਂ ਨੂੰ ਵਧੇਰੇ ਕਰੜਾ ​​ਕਰਨ ਲਈ ਹਾਲੀਆ ਤਜਵੀਜ਼ਾਂ ਸ਼ਾਮਲ ਹਨ, ਓਸੇ ਹੀ ਵਿਰਾਸਤੀ ਢਾਂਚੇ ਦੇ ਅੰਦਰ ਕੰਮ ਕਰਦੀਆਂ ਹਨ। ਇਸ ਲਈ ਸਵਾਲ ਸਿਰਫ਼ ਸਜ਼ਾ ਜਾਂ ਕੇਵਲ ਠੱਲ੍ਹ ਪਾਉਣ ਬਾਰੇ ਨਹੀਂ ਹੈ, ਸਗੋਂ ਇਹ ਵੀ ਹੈ ਕਿ ਜਿਨ੍ਹਾਂ ਸੰਕਲਪਿਕ ਢਾਂਚਿਆਂ ਦੇ ਅੰਦਰ ਇਹ ਕਾਨੂੰਨ ਕੰਮ ਕਰਦੇ ਹਨ, ਕੀ ਉਹ “ਬੇਅਦਬੀ” ਦੇ ਭਾਵ ਨੂੰ ਦਰਸਾਉਣ ਲਈ ਢੁਕਵੇਂ ਹਨ।


ਬੇਅਦਬੀ ਨੂੰ ਕਾਨੂੰਨੀ ਰੂਪ ਵਿੱਚ ਵਿਵਸਥਿਤ ਕਰਨਾ ਕੇਵਲ ਆਚਰਨ ਨੂੰ ਨਿਯੰਤਰਿਤ ਕਰਨਾ ਨਹੀਂ ਹੈ। ਇਹ ਢਾਂਚਾਗਤ ਪੱਧਰ ’ਤੇ ਇਸ ਗੱਲ ਨੂੰ ਮੁੜ-ਪਰਿਭਾਸ਼ਿਤ ਕਰਨਾ ਹੈ ਕਿ ਗੁਰੂ ਨੂੰ ਕੀ ਸਮਝਿਆ ਜਾਂਦਾ ਹੈ। ਇਸ ਲਈ ਸਵਾਲ ਇਹ ਨਹੀਂ ਕਿ ਬੇਅਦਬੀ ਗਲਤ ਹੈ ਜਾਂ ਨਹੀਂ—ਇਹ ਗੱਲ ਸਿੱਖ ਦੇ ਜੀਵੰਤ ਅਨੁਭਵ ਵਿੱਚ ਪਹਿਲਾਂ ਤੋਂ ਹੀ ਨਿਸ਼ਚਿਤ ਹੈ। ਅਸਲ ਸਵਾਲ ਇਹ ਹੈ ਕਿ ਕੀ ਬੇਅਦਬੀ ਪ੍ਰਤੀ ਪ੍ਰਤੀਕਿਰਿਆ ਉਸ ਉੱਤੇ ਵਿਧਾਨਕ ਨਿਯੰਤਰਣ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ ਜਿਸਨੂੰ ਕੁੱਲ ਨਿਯੰਤਰਣ ਤੋਂ ਪਰੇ ਸਮਝਿਆ ਜਾਂਦਾ ਹੈ।


ਇਸ ਤੱਕ ਪਹੁੰਚਣ ਲਈ, ਇੱਕ ਅੰਤਰ ਬਣਾਈ ਰੱਖਣਾ ਜ਼ਰੂਰੀ ਹੈ। ਇੱਕ ਪਾਸੇ ਗੁਰੂ ਸ਼ਬਦ ਦੇ ਰੂਪ ਵਿੱਚ ਹੈ, ਦੂਜੇ ਪਾਸੇ ਸਿੱਖ ਦਾ ਗੁਰੂ ਨਾਲ ਸੰਬੰਧ ਹੈ, ਅਤੇ ਤੀਜੇ ਉਹ ਸੰਸਥਾਗਤ ਅਤੇ ਸਮਾਜਿਕ ਢਾਂਚੇ ਹਨ ਜੋ ਇਸ ਸੰਬੰਧ ਦੇ ਆਲੇ-ਦੁਆਲੇ ਉੱਭਰਦੇ ਹਨ। ਇਹ ਇੱਕ-ਦੂਜੇ ਦੇ ਬਦਲ ਨਹੀਂ ਹਨ। ਜਦੋਂ ਕਾਨੂੰਨ ਇਸ ਖੇਤਰ ਵਿੱਚ ਦਾਖਲ ਹੁੰਦਾ ਹੈ ਤਾਂ ਓਹ ਆਪਣੇ ਖੇਤਰ ਦੇ ਅੰਦਰ—ਪਰਿਭਾਸ਼ਾ, ਵਰਗੀਕਰਨ ਅਤੇ ਲਾਗੂ ਕਰਨ ਦੀ ਪ੍ਰਕਿਰਿਆ ਰਾਹੀਂ ਕੰਮ ਕਰਦਾ ਹੈ। ਇਸ ਲਈ ਲਾਜ਼ਮੀ ਹੁੰਦਾ ਹੈ ਕਿ ਇੱਕ ਐਕਟ ਨੂੰ ਨਿਰਧਾਰਤ ਕੀਤਾ ਜਾਵੇ, ਹੱਦਾਂ ਖਿੱਚੀਆਂ ਜਾਣ ਅਤੇ ਉਨ੍ਹਾਂ ਹੱਦਾਂ ਦੀ ਵਿਆਖਿਆ ਅਤੇ ਨਿਰਣੇ ਲਈ ਅਧਿਕਾਰ ਨਿਰਧਾਰਿਤ ਕੀਤਾ ਜਾਵੇ। ਇਹ ਨਾ ਤਾਂ ਆਪਣੇ ਆਪ ਵਿੱਚ ਦੋਸ਼-ਪੂਰਨ ਹੈ ਅਤੇ ਨਾ ਹੀ ਆਪਣੇ ਆਪ ਵਿੱਚ ਪੂਰਨ। ਇਹ ਉਸ ਖੇਤਰ ਤੱਕ ਹੀ ਸੀਮਿਤ ਰਹਿੰਦਾ ਹੈ ਜਿਸ ਵਿੱਚ ਇਹ ਕੰਮ ਕਰਦਾ ਹੈ।


ਜੇਕਰ ਬੇਅਦਬੀ ਨੂੰ ਕਾਨੂੰਨ ਹੇਠ ਲਿਆਉਣਾ ਹੈ, ਤਾਂ ਸਭ ਤੋਂ ਪਹਿਲਾਂ ਇਸਨੂੰ ਪਰਿਭਾਸ਼ਿਤ ਕੀਤਾ ਜਾਣਾ ਚਾਹੀਦਾ ਹੈ, ਫਿਰ ਉਸ ਦੀ ਵਿਆਖਿਆ, ਅਤੇ ਫਿਰ ਅਧਿਕਾਰ ਖੇਤਰ ਦੇ ਅੰਦਰ ਮੌਜੂਦ ਉਸ ਅਧਿਕਾਰ (ਅਥਾਰਟੀ) ਦੁਆਰਾ ਲਾਗੂ ਕੀਤਾ ਜਾਣਾ ਚਾਹੀਦਾ ਹੈ। ਅਧਿਕਾਰ-ਖੇਤਰ ਅਕਸਰ ਆਪਣਾ ਸੁਭਾਵ, ਰਾਜਨੀਤਿਕ ਅਤੇ ਭੂਗੋਲਿਕ ਸੀਮਾਵਾਂ ਦੇ ਅਨੁਸਾਰ ਬਦਲਦਾ ਰਹਿੰਦਾ ਹੈ। ਇਸ ਤੋਂ ਇੱਕ ਕੜੀ ਉਤਪੰਨ ਹੁੰਦੀ ਹੈ: ਕਿ ਜੋ ਕੁਝ ਇੱਕ ਅਧਿਕਾਰ ਖੇਤਰ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ਉਹ ਲਾਜ਼ਮੀ ਨਹੀਂ ਕਿ ਦੂਜੇ ਵਿੱਚ ਵੀ ਪਰਿਭਾਸ਼ਿਤ ਹੋਵੇ, ਅਤੇ ਜੋ ਇੱਕ ਸੰਦਰਭ ਵਿੱਚ ਕੀਤੀ ਗਈ ਵਿਆਖਿਆ ਹੈ ਉਹ ਦੂਜੇ ਵਿੱਚ ਵੀ ਅਧਿਕਾਰ ਹੋਵੇ। ਸਮੇਂ ਦੇ ਨਾਲ ਤਬਦੀਲੀ ਉੱਭਰਦੀ ਹੈ ਅਤੇ ਜਦੋਂ ਇਹ ਉਭਰਦੀ ਹੈ ਤਾਂ ਕਾਨੂੰਨ ਦਾ ਵਿਸ਼ਾ ਆਪਣੀ ਕਾਨੂੰਨੀ ਪਸ਼ਾਨ ਤੋਂ ਖੇਰੂ-ਖੇਰੂ ਹੋਣਾ ਸ਼ੁਰੂ ਕਰ ਦਿੰਦਾ ਹੈ।


ਜੇਕਰ ਗੁਰੂ ਨੂੰ ਇਸ ਢਾਂਚੇ ਦੇ ਅੰਦਰ ਲਿਆਂਦਾ ਜਾਂਦਾ ਹੈ ਤਾਂ ਇਸ ਦਾ ਨਤੀਜਾ ਕੇਵਲ ਕਾਨੂੰਨੀ ਸੁਰੱਖਿਆ ਤੱਕ ਸੀਮਿਤ ਨਹੀਂ ਰਹਿੰਦਾ। ਇਸ ਨਾਲ ਹੌਲੀ-ਹੌਲੀ ਉਸ ਚੀਜ਼ ਦੀਆਂ ਕਈ ਕਾਨੂੰਨੀ ਵਿਆਖਿਆਵਾਂ ਦਾ ਉਭਾਰ ਹੁੰਦਾ ਹੈ ਜੋ ਉਸਦੀ ਆਪਣੀ ਹੀ ਪਰਿਭਾਸ਼ਾ ਅਨੁਸਾਰ ਅਵੰਡਤਾ ਹੈ। ਇਹ ਗੱਲ ਕਾਨੂੰਨ ਦੀ ਅੰਦਰੂਨੀ ਕਾਰਗੁਜ਼ਾਰੀ ਤੋਂ ਸਿੱਧੇ ਤੌਰ ’ਤੇ ਨਿਕਲਦੀ ਹੈ। ਇਹ ਕੋਈ ਅਢੁੱਕਵਾਂਪਣ ਨਹੀਂ ਹੈ, ਸਗੋਂ ਕਾਨੂੰਨ ਦੇ ਕੰਮ ਕਰਨ ਦੇ ਤਰੀਕੇ ਵਿੱਚ ਸ਼ਾਮਲ ਇੱਕ ਹੋਣੀ ਹੈ।


ਇਸ ਬਿੰਦੂ 'ਤੇ ਇੱਕ ਆਮ ਇਤਰਾਜ਼ ਉੱਠਦਾ ਹੈ। ਕਾਨੂੰਨੀ ਰੋਕਥਾਮ ਤੋਂ ਬਿਨਾਂ, ਬੇਅਦਬੀ ਦੀਆਂ ਘਟਨਾਵਾਂ ਵਧ ਸਕਦੀਆਂ ਹਨ। ਇਹ ਚਿੰਤਾ ਵਿਹਾਰਕ ਹੈ ਅਤੇ ਇਸਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਹਾਲਾਂਕਿ, ਇਸਦੀ ਜਾਂਚ ਉਸ ਮਿਕਦਾਰ ਤੇ ਕੀਤੀ ਜਾਣੀ ਚਾਹੀਦੀ ਹੈ ਜੋ ਦਾਅ 'ਤੇ ਹੈ। ਕਾਨੂੰਨ ਵਿਹਾਰ ਨੂੰ ਨਿਯਮਬਧ ਕਰ ਸਕਦਾ ਹੈ ਅਤੇ ਕੁਝ ਕਾਰਵਾਈਆਂ ਨੂੰ ਰੋਕ ਸਕਦਾ ਹੈ, ਪਰ ਇਹ ਸਭ ਅਰਥ ਨੂੰ ਫਰਮਾਬਰਦਾਰੀ ਵਿੱਚ ਬਦਲ ਕੇ ਅਜਿਹਾ ਕਰਦਾ ਹੈ। ਇਹ ਦ੍ਰਿਸ਼ਮਾਨ, ਮਾਪਣਯੋਗ ਅਤੇ ਲਾਗੂ ਕਰਨ ਯੋਗ ਤੱਤਾਂ 'ਤੇ ਕੰਮ ਕਰਦਾ ਹੈ। ਗੁਰਬਾਣੀ ਅਨੁਸਾਰ, ਗੁਰੂ ਇਸ ਵਰਗ ਵਿੱਚ ਨਹੀਂ ਆਉਂਦਾ।


ਭਾਵੇਂ ਸੁਭੈਕੇ ਹੀ, ਗੁਰੂ ਨੂੰ ਅਜਿਹੀ ਚੀਜ਼ ਵਜੋਂ ਮੰਨਣਾ ਜਿਸਨੂੰ ਦ੍ਰਿੜ੍ਹੀਕਰਨ ਰਾਹੀਂ ਸੁਰੱਖਿਅਤ ਕੀਤਾ ਜਾ ਸਕਦਾ ਹੈ, ਇਵੇ ਹੈ ਜਿਵੇਂ ਜੁਗੋ ਜੁਗ ਅਟੱਲ ਸ਼ਬਦ ਗੁਰੂ ਨੂੰ ਗੁਰੂ ਸਮਝਣ ਤੋਂ ਇੱਕ ਅਜਿਹੀ ਵਸਤੂ ਵਜੋਂ ਸਮਝਣਾ ਜਿਸਦੀ ਪਵਿੱਤਰਤਾ ਬਾਹਰੀ ਨਿਯੰਤਰਣ ਰਾਹੀਂ ਕਾਇਮ ਰੱਖੀ ਜਾਂਦੀ ਹੈ। ਇਹ ਤਬਦੀਲੀ ਸੂਖਮ ਹੁੰਦੀ ਹੈ ਪਰ ਫੈਸਲਾਕੁੰਨ ਵੀ ਕਿਉਂਕਿ ਇਹ ਸਿਰਫ਼ ਪ੍ਰਤਿਕਰਮ ਨੂੰ ਹੀ ਨਹੀਂ ਸਗੋਂ ਪਰਿਭਾਸ਼ਾ ਨੂੰ ਵੀ ਬਦਲ ਦਿੰਦੀ ਹੈ।


ਇੱਕ ਹੋਰ ਵਖਰੇਵਾਂ ਇਸ ਗੱਲ ਨੂੰ ਸਪੱਸ਼ਟ ਕਰਦਾ ਹੈ। ਬੇਅਦਬੀ ਕੋਈ ਇਕੱਲਾ ਵਰਤਾਰਾ ਨਹੀਂ ਹੈ। ਕੁਝ ਅਜਿਹੇ ਚਰਿੱਤਰ ਹੁੰਦੇ ਹਨ ਜਿਨ੍ਹਾਂ ਵਿੱਚ ਗੁਰੂ ਨਾਲ ਸੰਬੰਧਿਤ ਭੌਤਿਕ ਸਰੂਪ ਜੁੜੇ ਹੁੰਦੇ ਹਨ, ਜੋ ਸਮਾਜਿਕ ਵਿਵਸਥਾ ਨੂੰ ਵਿਗਾੜਦੇ ਹਨ ਅਤੇ ਭਾਈਚਾਰਿਆਂ ਨੂੰ ਭੜਕਾਉਂਦੇ ਹਨ ਅਤੇ ਉਹ ਡੂੰਘੀ ਅਵਸਥਾ ਜਿਸ ਵਿੱਚ ਗੁਰੂ ਦੀਆਂ ਸਿੱਖਿਆਵਾਂ ਨਹੀਂ ਜੀਵੀਆਂ ਜਾਂਦੀਆਂ। ਇਹ ਸਾਰੀਆਂ ਇਕਸਾਰ ਮਹੱਤਵ ਨਹੀਂ ਰੱਖਦੀਆਂ। ਬਾਹਰੀ ਚਰਿੱਤਰ ਦਿਖਾਈ ਦਿੰਦਾ ਹੈ, ਸਮਾਜਿਕ ਅਸ਼ਾਂਤੀ ਮਜਮੂਈ ਹੁੰਦੀ ਹੈ ਪਰ ਸ਼ਬਦ ਨੂੰ ਜੀਉਣ ਵਿੱਚ ਅਸਫਲਤਾ ਗੁਰੂ ਤੋਂ ਸਭ ਤੋਂ ਡੂੰਘਾ ਵਿਛੋੜਾ ਹੁੰਦਾ ਹੈ।


ਕਾਨੂੰਨ ਅਸ਼ਾਂਤੀ ਨਾਲ ਨਿਪਟ ਸਕਦਾ ਹੈ। ਜਿੱਥੇ ਜਨਤਕ ਵਿਵਸਥਾ ਨੂੰ ਖ਼ਤਰਾ ਹੋਵੇ ਜਾਂ ਜਾਣਬੁੱਝ ਕੇ ਭੜਕਾਹਟ ਪੈਦਾ ਕੀਤੀ ਜਾਂਦੀ ਹੋਵੇ, ਉੱਥੇ ਦਖਲ ਦੇ ਸਕਦਾ ਹੈ। ਇਹ ਕੁੱਝ ਹੱਦ ਤੱਕ ਭੌਤਿਕ ਸਰੂਪਾਂ ਦੇ ਆਲੇ-ਦੁਆਲੇ ਦੇ ਵਿਹਾਰ ਨੂੰ ਨਿਯੰਤ੍ਰਿਤ ਕਰ ਸਕਦਾ ਹੈ। ਪਰ ਇਸਦੀ ਉਸ ਡੂੰਘੇ ਆਯਾਮ ਤੱਕ ਪਹੁੰਚ ਨਹੀਂ ਹੈ ਜਿੱਥੇ ਗੁਰੂ ਤੋਂ ਦੂਰੀ ਬਾਹਰੀ ਕਿਰਿਆ ਦੁਆਰਾ ਨਹੀਂ ਸਗੋਂ ਅੰਦਰੂਨੀ ਇਕਸਾਰਤਾ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਜੇ ਇਹ ਕ੍ਰਮ ਉਲਟਾ ਦਿੱਤਾ ਜਾਵੇ ਅਤੇ ਬਾਹਰੀ ਸਰੂਪ ਮੁੱਖ ਚਿੰਤਾ ਦਾ ਕੇਂਦਰ ਬਣ ਜਾਵੇ ਤਾਂ ਸਮਾਜ ਦ੍ਰਿਸ਼ਮਾਨ ਸਤਿਕਾਰ ਨੂੰ ਲਾਗੂ ਕਰਨ ਵਿੱਚ ਸਫਲ ਹੋ ਸਕਦਾ ਹੈ ਪਰ ਉਸ ਅਵਸਥਾ ਨੂੰ ਅਣਡਿੱਠਾ ਕਰ ਸਕਦਾ ਹੈ ਜਿਸਨੂੰ ਗੁਰਬਾਣੀ ਨਿਰੰਤਰ ਨਿਰਣਾਇਕ ਮੰਨਦੀ ਹੈ। ਇਹ ਗੱਲ ਭੌਤਿਕ ਬੇਅਦਬੀ ਪ੍ਰਤੀ ਚਿੰਤਾ ਨੂੰ ਘਟਾਉਂਦੀ ਨਹੀਂ। ਇਹ ਸਮਝ ਨੂੰ ਹੀ ਪੁਨਰ ਤਰਤੀਬ ਕਰਦੀ ਹੈ।


ਇੱਕ ਹੋਰ ਇਤਰਾਜ਼ ਉੱਠਦਾ ਹੈ। ਜੇਕਰ ਗੁਰੂ ਗ੍ਰੰਥ ਸਾਹਿਬ ਜੀ ਜੀਵੰਤ ਗੁਰੂ ਹਨ ਤਾਂ ਕਿ ਓਹਨਾਂ ਨੂੰ ਸੁਰੱਖਿਆ ਦੀ ਲੋੜ ਹੈ? ਜਵਾਬ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਜੀਵੰਤ ਦਾ ਕੀ ਅਰਥ ਹੈ। ਜੇ “ਜੀਵੰਤ” ਨੂੰ ਇਸ ਤਰ੍ਹਾਂ ਸਮਝਿਆ ਜਾਵੇ ਕਿ ਗੁਰੂ ਭੌਤਿਕ ਰੂਪ ਵਿੱਚ ਮੌਜੂਦ ਹੈ ਜਿਸ ਦੀ ਰੱਖਿਆ ਲਾਜ਼ਮੀ ਹੈ ਤਾਂ ਸੁਰੱਖਿਆ ਦਾ ਤਰਕ ਆਪਣੇ ਆਪ ਉੱਭਰਦਾ ਹੈ। ਪਰ ਗੁਰਬਾਣੀ ਗੁਰੂ ਨੂੰ ਰੂਪ ਵਿੱਚ ਨਹੀਂ ਘਟਾਉਂਦੀ। ਰੂਪ ਇੱਕ ਮਾਧਿਅਮ ਹੈ। ਗੁਰੂ ਉਹ ਸ਼ਬਦ ਹੈ ਜੋ ਉਸ ਰੂਪ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ ਪਰ ਫੇਰ ਵੀ ਉਸ ਵੱਲੋਂ ਸਮੋਇਆ ਨਹੀਂ ਜਾ ਸਕਦਾ। ਰੂਪ ਦੀ ਸੁਰੱਖਿਆ ਨੂੰ ਗੁਰੂ ਦੀ ਸੁਰੱਖਿਆ ਦੇ ਬਰਾਬਰ ਮੰਨਣਾ, ਮਾਧਿਅਮ ਅਤੇ ਉਸਦੇ ਮੂਲ ਰੂਪ ਨੂੰ ਮਿਲਾਉਣਾ ਹੈ ਜਿਸਦਾ ਉਹ ਵਾਹਕ ਹੈ।


ਡੂੰਘੇ ਜੋਖਮ ਹੌਲੀ-ਹੌਲੀ ਉੱਭਰਦੇ ਹਨ। ਜਦੋਂ ਸਤਿਕਾਰ ਨੂੰ ਬਾਹਰੀ ਤੌਰ ’ਤੇ ਪਰਿਭਾਸ਼ਿਤ ਕੀਤਾ ਜਾਂਦਾ ਹੈ ਤਾਂ ਇਹ ਪਹਿਲਾਂ ਦਰਸ਼ਨੀ ਬਣਦਾ ਹੈ, ਫੇਰ ਮਾਪਣਯੋਗ, ਫਿਰ ਲਾਗੂ ਕਰਨਯੋਗ ਅਤੇ ਆਖ਼ਰਕਾਰ ਫਰਮਾਬਰਦਾਰੀ ਦਾ ਵਿਸ਼ਾ ਬਣ ਜਾਂਦਾ ਹੈ। ਉਸ ਸਮੇਂ, ਰਿਸ਼ਤਾ ਬਦਲ ਜਾਂਦਾ ਹੈ। ਸਿੱਖ ਹੁਣ ਸਮਝ ਅਤੇ ਮਨਨ ਰਾਹੀਂ ਗੁਰੂ ਵੱਲ ਕੇਂਦ੍ਰਿਤ ਨਹੀਂ ਰਹਿੰਦਾ ਸਗੋਂ ਬਾਹਰੀ ਇਖ਼ਤਿਆਰ ਦੁਆਰਾ ਨਿਗਰਾਨੀ ਹੇਠ ਨਿਰਧਾਰਿਤ ਹਿਦਾਇਤਾਂ ਦੀ ਪਾਲਣਾ ਰਾਹੀਂ ਸੰਬੰਧਿਤ ਹੋਣ ਲੱਗਦਾ ਹੈ। ਡਰ ਜਾਗਰੂਕਤਾ ਦੀ ਥਾਂ ਲੈਣਾ ਸ਼ੁਰੂ ਕਰ ਦਿੰਦਾ ਹੈ ਅਤੇ ਸੁਧਾਈ ਸੋਝੀ ਦੀ ਥਾਂ। ਗੁਰਬਾਣੀ ਡਰ ਦੁਆਰਾ ਆਪਣੇ ਆਪ ਨੂੰ ਕਾਇਮ ਨਹੀਂ ਰੱਖਦੀ। ਇਹ ਅਨੁਭਵ ਵਿੱਚੋਂ ਪ੍ਰਗਟ ਹੁੰਦੀ ਹੈ।


ਅਧਿਕਾਰ ਦਾ ਇੱਕ ਸਵਾਲ ਵੀ ਹੈ ਜਿਸ ਤੋਂ ਬਚਿਆ ਨਹੀਂ ਜਾ ਸਕਦਾ। ਜੇਕਰ ਬੇਅਦਬੀ ਨੂੰ ਕਾਨੂੰਨ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ ਤਾਂ ਕੌਣ ਇਸ ਨੂੰ ਪਰਿਭਾਸ਼ਿਤ ਕਰਦਾ ਹੈ? ਭਾਵੇਂ ਇਹ ਰਾਜ ਹੋਵੇ ਜਾਂ ਇੱਕ ਧਾਰਮਿਕ ਸੰਸਥਾ ਜਾਂ ਫੇਰ ਇੱਕ ਸਮੂਹਿਕ ਸੰਸਥਾ ਹੋਵੇ, ਇੱਕ ਵਾਰ ਨਿਮਯਬੱਧ ਹੋ ਜਾਣ ਤੋਂ ਬਾਅਦ ਵਿਆਖਿਆ ਪੰਥ ਦੇ ਪ੍ਰਵਾਹ ਅਤੇ ਵਿਕਸਤ ਹੋਣ ਵਾਲੇ ਵਿਚਾਰ-ਵਟਾਂਦਰੇ ਦੇ ਅੰਦਰ ਨਹੀਂ ਰਹਿੰਦੀ। ਇਹ ਰਾਜ ਦੀ ਸੰਸਥਾਗਤ ਮਸ਼ੀਨਰੀ ਦੇ ਅੰਦਰ ਸਥਿਰ ਹੋ ਜਾਂਦੀ ਹੈ। ਇਹ ਸਿਰਫ਼ ਇੱਕ ਪ੍ਰਬੰਧਕੀ ਤਬਦੀਲੀ ਨਹੀਂ ਹੁੰਦੀ। ਇਹ ਇੱਕ ਜੀਵੰਤ ਸਮੂਹਿਕ ਚੇਤਨਤਾ ਤੋਂ ਸਥਿਰ ਕਾਨੂੰਨੀ ਢਾਂਚੇ ਵਿੱਚ ਵਿਆਖਿਆਤਮਕ ਅਧਿਕਾਰ ਦਾ ਤਬਾਦਲਾ ਹੁੰਦਾ ਹੈ।


ਵੱਖ-ਵੱਖ ਦੇਸ਼ਾਂ ਵਿੱਚ ਇਹ ਤਬਾਦਲਾ ਵੱਖ-ਵੱਖ ਰੂਪ ਲੈ ਸਕਦਾ ਹੈ ਕਿਉਂਕਿ ਹਰੇਕ ਕਾਨੂੰਨੀ ਪ੍ਰਣਾਲੀ ਆਪਣੀ ਬਣਤਰ ਅਨੁਸਾਰ ਵਿਆਖਿਆ ਕਰਦੀ ਹੈ। ਸਮੇਂ ਦੇ ਨਾਲ, ਇਹ ਫਰਕ ਇੱਕ ਸੰਭਾਵਨਾ ਨਹੀਂ ਸਗੋਂ ਇੱਕ ਹੋਣੀ ਬਣ ਜਾਂਦਾ ਹੈ। ਗੁਰੂ, ਜਿਸਨੂੰ ਇੱਕ ਸਮਝਿਆ ਜਾਂਦਾ ਹੈ, ਕਾਨੂੰਨੀ ਪ੍ਰਣਾਲੀਆਂ ਹੇਠ ਵੱਖੋ-ਵੱਖ ਤਰੀਕਿਆਂ ਨਾਲ ਪ੍ਰਤੀਤ ਹੋਣਾ ਸ਼ੁਰੂ ਹੋ ਜਾਂਦਾ ਹੈ, ਤੱਤ ਵਿੱਚ ਨਹੀਂ ਸਗੋਂ ਇਸ ਵਿੱਚ ਕਿ ਇਸਨੂੰ ਕਿਵੇਂ ਨਿਯੰਤ੍ਰਿਤ, ਪਰਿਭਾਸ਼ਿਤ ਅਤੇ ਮੁਬਤਲਾ ਕੀਤਾ ਜਾ ਸਕੇ। ਇਹ ਵਿਖੰਡਨ ਪ੍ਰਕਿਰਿਆਤਮਕ ਹੈ, ਪਰ ਇਸਦੇ ਸਿੱਟੇ ਹਕੀਕੀ ਹੁੰਦੇ ਹਨ।


ਇਸ ਪੜਾਅ 'ਤੇ ਹੱਲ ਦੇ ਢਾਂਚੇ 'ਤੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਵਿਧਾਨਕ ਨਿਯੰਤਰਨ ਨੂੰ ਰੱਦ ਕਰਨਾ ਉਦਾਸੀਨਤਾ ਨੂੰ ਸਵੀਕਾਰ ਕਰਨਾ ਨਹੀਂ ਹੁੰਦਾ। ਇਹ ਸਹੀ ਖੇਤਰ ਦੇ ਅੰਦਰ ਹੱਲ ਲੱਭਣਾ ਹੁੰਦਾ ਹੈ। ਮੌਜੂਦਾ ਕਾਨੂੰਨੀ ਪ੍ਰਣਾਲੀਆਂ ਪਹਿਲਾਂ ਤੋਂ ਹੀ ਉਨ੍ਹਾਂ ਕਾਰਵਾਈਆਂ ਨੂੰ ਹੱਲ ਕਰਨ ਲਈ ਵਿਧੀਆਂ ਮੁਹੱਈਆ ਕਰਦੀਆਂ ਹਨ ਜੋ ਹਿੰਸਾ ਨੂੰ ਭੜਕਾਉਂਦੀਆਂ ਹਨ, ਜਨਤਕ ਵਿਵਸਥਾ ਨੂੰ ਵਿਗਾੜਦੀਆਂ ਹਨ ਜਾਂ ਜਾਣਬੁੱਝ ਕੇ ਭਾਈਚਾਰਿਆਂ ਨੂੰ ਉਕਸਾਉਂਦੀਆਂ ਹਨ। ਇਹ ਵਿਧੀਆਂ ਗੁਰੂ ਦੀ ਮੁੜ ਪਰਿਭਾਸ਼ਾ ਦੀ ਲੋੜ ਤੋਂ ਬਿਨਾਂ ਹੀ ਕੰਮ ਕਰਦੀਆਂ ਹਨ।


ਇਸ ਤੋਂ ਅੱਗੇ, ਜ਼ਿੰਮੇਵਾਰੀ ਬਾਹਰ ਨਹੀਂ ਸਰਕਦੀ, ਸਗੋਂ ਇਹ ਮੁੜ ਅੰਦਰ ਵੱਲ ਪਰਤਦੀ ਹੈ। ਸਿੱਖ ਅਤੇ ਗੁਰੂ ਵਿਚਕਾਰ ਸਬੰਧ ਵਿਚੋਲਗੀ ਰਾਹੀਂ ਲਾਗੂ ਨਹੀਂ ਕੀਤਾ ਜਾਂਦਾ। ਇਹ ਕੁੜਮਾਈ ਰਾਹੀਂ ਜੋਤਿਆ ਜਾਂਦਾ ਹੈ। ਵਿਚਾਰ, ਰਹਿਤ, ਅਤੇ ਮਨਨ ਉਹ ਆਧਾਰ ਬਣਾਉਂਦੇ ਹਨ ਜਿਸ ਰਾਹੀਂ ਸ਼ਰਧਾ ਸਿਰਫ਼ ਰੂਪ ਦੀ ਬਜਾਏ ਅਗਾਧਿ ਪ੍ਰਾਪਤ ਕਰਦੀ ਹੈ। ਇਹ ਕੋਈ ਘੱਟ ਪ੍ਰਤੀਕਿਰਿਆ ਨਹੀਂ; ਇਹ ਬਲਕਿ ਵਧੇਰੇ ਮਿਹਨਤ ਮੰਗਦੀ ਹੈ।


ਕਾਨੂੰਨ ਬਣਾਉਣ ਦੀ ਪ੍ਰੇਰਣਾ ਅਕਸਰ ਹਿਫਾਜਤ ਕਰਨ ਦੀ ਸੱਚੀ ਇੱਛਾ ਤੋਂ ਪੈਦਾ ਹੁੰਦੀ ਹੈ, ਪਰ ਇਹ ਜਾਂਚਣਾ ਲਾਜ਼ਮੀ ਹੈ ਕਿ ਇਹ ਪ੍ਰੇਰਣਾ ਕੀ ਮਿਥਦੀ ਹੈ। ਗੁਰੂ ਲਈ ਸੁਰੱਖਿਆ ਦੀ ਮੰਗ ਕਰਨਾ ਇੱਕ ਅਣਜਾਂਚੇ ਵਿਸ਼ਵਾਸ (ਅੰਧਵਿਸ਼ਵਾਸ) ਦਾ ਸੂਚਕ ਬਣ ਸਕਦਾ ਹੈ ਕਿ ਗੁਰੂ ਕਮਜ਼ੋਰ ਹੈ। ਗੁਰਬਾਣੀ ਗੁਰੂ ਨੂੰ ਕਮਜ਼ੋਰ ਵਜੋਂ ਪੇਸ਼ ਨਹੀਂ ਕਰਦੀ। ਇਹ ਮਨੁੱਖੀ ਸਥਿਤੀ ਨੂੰ ਅਸਥਿਰ, ਖੰਡਿਤ ਅਤੇ ਸੇਧ ਦੀ ਲੋੜ ਲੈਣ ਵਾਲੇ ਵਜੋਂ ਪੇਸ਼ ਕਰਦੀ ਹੈ। ਇਸ ਲਈ ਫ਼ਿਕਰ ਦੀ ਦਿਸ਼ਾ ਉਲਟੀ ਕੀਤੀ ਜਾ ਸਕਦੀ ਹੈ।


ਸਵਾਲ ਇਹ ਨਹੀਂ ਹੈ ਕਿ ਗੁਰੂ ਦੀ ਰੱਖਿਆ ਕਿਵੇਂ ਕੀਤੀ ਜਾਵੇ। ਸਵਾਲ ਇਹ ਹੈ ਕਿ ਸਿੱਖ ਨੂੰ ਕਿਵੇਂ ਜੋੜਿਆ ਜਾਵੇ। ਜੇਕਰ ਇਹ ਫ਼ਰਕ ਕਾਇਮ ਰੱਖਿਆ ਜਾਵੇ ਤਾਂ ਮਾਰਗ ਸਰਲ ਹੋਣ ਤੋਂ ਬਿਨਾਂ ਸਪਸ਼ਟ ਹੋ ਜਾਂਦਾ ਹੈ।


ਸ਼ਬਦ ਆਪਣੀ ਅਟੱਲਤਾ ਕਾਇਮ ਰੱਖਣ ਲਈ ਕਾਨੂੰਨ ਵਿੱਚ ਪ੍ਰਵੇਸ਼ ਨਹੀਂ ਕਰਦਾ। ਕਾਨੂੰਨ ਕਾਰਜਸ਼ੀਲ ਰਹਿਣ ਲਈ ਆਪਣੀਆਂ ਸੀਮਾਵਾਂ ਦੇ ਅੰਦਰ ਕੰਮ ਕਰਦਾ ਹੈ। ਦੋਵਾਂ ਨੂੰ ਉਲਝਾਉਣ ਨਾਲ ਮਜ਼ਬੂਤੀ ਨਹੀਂ ਮਿਲਦੀ। ਇਹ ਦੋਵਾਂ ਨੂੰ ਵਿਗਾੜਦੀ ਹੈ।


ਨਿਯੰਤਰਨ ਦਾ ਵਿਸਥਾਰ ਨਹੀਂ ਸਗੋਂ ਸਮਝ ਨੂੰ ਸੁਧਾਈ ਲੋੜੀਂਦੀ ਹੈ। ਗੁਰੂ ਬੇਅਦਬੀ ਦੀਆਂ ਕਾਰਵਾਈਆਂ ਨਾਲ ਘਟਦਾ ਨਹੀਂ ਅਤੇ ਨਾ ਹੀ ਸਿੱਖ ਲਾਗੂ ਕੀਤੇ ਜਾਣ ਵਾਲੇ ਕਾਨੂੰਨਾਂ ਰਾਹੀਂ ਨੇੜੇ ਆਉਂਦਾ ਹੈ। ਇਨ੍ਹਾਂ ਦੋਹਾਂ ਦੇ ਵਿਚਕਾਰ ਹੀ ਪ੍ਰਤੀਕਿਰਿਆਵਾਂ ਦਾ ਪੂਰਾ ਖੇਤਰ ਨਿਰਧਾਰਤ ਹੁੰਦਾ ਹੈ। ਜਦੋਂ ਇਹ ਗੱਲ ਸਪਸ਼ਟ ਤੌਰ ’ਤੇ ਸਮਝ ਆ ਜਾਂਦੀ ਹੈ, ਕਿ ਬਦਲਵੀਆਂ ਪਹੁੰਚਾਂ ਇਸ ਖਿੱਚੋਤਾਣ ਨੂੰ ਸੁਲਝਾਉਂਦੀਆਂ ਨਹੀਂ ਕੇਵਲ ਧਿਆਨ ਭੱਟਕਾਉਂਦੀਆਂ ਹਨ। ਫੇਰ ਇਹ ਸਪਸਟ ਹੋ ਜਾਂਦਾ ਹੈ ਕਿ ਇਸ ਖੇਤਰ ਦੇ ਅੰਦਰ ਇਹ ਜ਼ਿੰਮੇਵਾਰੀ ਕਿਸੇ ਹੋਰ ਨੂੰ ਸੌਂਪੀ ਨਹੀਂ ਜਾ ਸਕਦੀ; ਇਸਨੂੰ ਸਿਰਫ਼ ਅੰਦਰੋਂ ਪਛਾਣਿਆ ਜਾ ਸਕਦਾ ਹੈ।


ਇਸ ਪਰਿਪੇਖ ਵਿੱਚ, ਇਹ ਸਵਾਲ ਵਧੇਰੇ ਨਿਯੰਤਰਣ ਰਾਹੀਂ ਨਹੀਂ ਸਗੋਂ ਹੋਰ ਡੂੰਘੀ ਸਪਸ਼ਟਤਾ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਗੁਰੂ ਨਾ ਤਾਂ ਕਿਸੇ ਵੀ ਸ਼ਕਤੀ ਤੋਂ ਪ੍ਰਮਾਣਿਕਤਾ ਦੀ ਭਾਲ ਕਰਦਾ ਹੈ ਅਤੇ ਨਾ ਹੀ ਸ਼ਬਦ ਉਹਨਾਂ ਢਾਂਚਿਆਂ ਅੱਗੇ ਝੁਕਦਾ ਹੈ ਜੋ ਇਸਨੂੰ ਪਰਿਭਾਸ਼ਿਤ ਜਾਂ ਸੀਮਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਗੁਰੂ ਨਾਨਕ ਰਾਹੀਂ ਪ੍ਰਗਟ ਹੋਈ ਬਾਣੀ ਇਹ ਨਹੀਂ ਮੰਗਦੀ ਕਿ ਇਸ ਦੀ ਰੱਖਿਆ ਕੀਤੀ ਜਾਵੇ; ਇਹ ਮੰਗਦੀ ਹੈ ਕਿ ਇਸਨੂੰ ਜੀਵਿਆ ਜਾਵੇ।


ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥੫॥ SGGS 62

Truth may be acknowledged by all, but it is the living of that truth that stands higher.


ਸੱਚ ਸਭ ਮੰਨ ਸਕਦੇ ਹਨ, ਪਰ ਸੱਚ ਨੂੰ ਜੀਵਨ ਵਿੱਚ ਜੀਊਣਾ ਮੰਨਣ ਤੋਂ ਵੀ ਉੱਚੀ ਅਵਸਥਾ ਹੈ।



¹ Adab in Persian means education, culture, good behavior, politeness, and proper demeanor; it is closely linked with ethics.

² First usage of words ‘Beadab’ or ‘beadbi’ in Sikh texts appears in the writing of Bhai Nand Lal ‘Goya’ (1633-1713) in Zindagi Namah.

³ Sacrilege and blasphemy laws in India are based on old British laws from the 1860s, which originated in a Christian context. The maximum sentence for sacrilege is 3 years, according to Indian law.

⁴ In 2015, Panjab’s Akali Dal government passed a law extending it to 20 years, or life imprisonment, in the context of the Guru Granth Sahib, but this law was not deemed secular. In 2018, Panjab’s Congress government amended and passed it to include any holy book. It is still awaiting the Indian government’s response.



bottom of page